ਪ੍ਰਚਾਰਕ ਇਹੋ ਜਿਹਾ ਹੋਣਾ ਚਾਹੀਦਾ ਹੈ
ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਸੰਤ ਤੇਜਾ ਸਿੰਘ ਜੀ ਨੇ ਇੱਕ ਵਾਰ ਲੈਕਚਰ ਵਿੱਚ ਕਿਹਾ, "ਗੁਰੂ ਨਾਨਕ ਦੇਵ ਜੀ ਦੇ ਇਸ ਉੱਚੇ-ਸੁੱਚੇ ਧਰਮ ਨੂੰ ਪ੍ਰਚਾਰਨ ਲਈ ਤਿਆਗੀ, ਵੈਰਾਗੀ, ਲੋਭ ਲਾਲਚ ਤੋਂ ਰਹਿਤ, ਨਿਰਮਲ ਮਨ ਵਾਲੇ, ਸੂਝਵਾਨ ਤੇ ਪੜ੍ਹੇ-ਲਿਖੇ ਨੌਜਵਾਨਾਂ ਦੀ ਲੋੜ ਹੈ:"
ਛਾਦਨ ਭੋਜਨ ਕੀ ਆਸ ਨ ਕਰਈ ਅਚਿੰਤੁ ਮਿਲੈ ਸੋ ਪਾਏ ॥ (੧੦੧੩)
ਜਿਹੜੇ ਸਿੱਖ ਇਸ ਤੁਕ ਨੂੰ ਸਮਝ, ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਢਾਲ ਕੇ ਜਗਤ ਵਿੱਚ ਸ਼ਾਂਤੀ ਦੇ ਪ੍ਰਚਾਰ ਕਰਨ ਲਈ ਤਿਆਰ ਹੋਣ, ਉਨ੍ਹਾਂ ਨੂੰ ਪੰਥ ਦੀ ਸੇਵਾ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ। ਪ੍ਰਚਾਰਕ ਦੀ ਕਥਨੀ ਤੇ ਕਰਨੀ ਵਿੱਚ ਅੰਤਰ ਨਹੀਂ ਹੋਣਾ ਚਾਹੀਦਾ। ਸੰਤ ਜੀ ਦੇ ਵਿਚਾਰਾਂ ਦਾ ਕਾਲਜ ਦੇ ਕਾਫ਼ੀ ਵਿਦਿਆਰਥੀਆਂ 'ਤੇ ਅਸਰ ਹੋਇਆ, ਜਿਨ੍ਹਾਂ ਵਿੱਚੋਂ ਬਾਬਾ ਇਕਬਾਲ ਸਿੰਘ ਜੀ, ਡਾ: ਖੇਮ ਸਿੰਘ ਜੀ, ਡਾ: ਗੁਰਬਖਸ਼ ਸਿੰਘ ਜੀ ਅਤੇ ਬਾਬਾ ਗਿਆਨ ਸਿੰਘ ਜੀ ਨੇ ਸੰਤ ਤੇਜਾ ਸਿੰਘ ਜੀ ਦੀ ਸੰਗਤ ਕਰਕੇ ਗੁਰੂ ਨਾਨਕ ਦੇਵ ਜੀ ਦੇ ਸੱਚੇ ਮਾਰਗ 'ਤੇ ਚਲ ਕੇ ਗੁਰਮਤਿ ਦਾ ਪ੍ਰਚਾਰ ਕਰਨਾ ਹੀ ਜੀਵਨ ਦਾ ਨਿਸ਼ਾਨਾ ਬਣਾ ਲਿਆ।



