ਸੰਤ ਸ਼ਬਦ-ਰੂਪ ਹੁੰਦੇ ਹਨ
ਬਾਬਾ ਇਕਬਾਲ ਸਿੰਘ ਜੀ ਨਾਹਨ ਆਪਣੇ ਹੈੱਡ-ਕੁਆਟਰ ਨੂੰ ਛੱਡ ਕੇ ਸਰਕਾਰੀ ਦੌਰੇ 'ਤੇ ਸਰਾਂਹ ਗਏ ਹੋਏ ਸਨ। ਉਸੇ ਵੇਲੇ ਐਸੀ ਵੈਰਾਗਮਈ ਦਸ਼ਾ ਵਿੱਚ ਉਨ੍ਹਾਂ ਦੇ ਹਿਰਦੇ ਵਿੱਚ ਖਿੱਚ ਪਈ ਕਿ ਮੈਂ ਹੁਣੇ ਹੀ ਜਾ ਕੇ ਸੰਤ ਜੀ ਮਹਾਰਾਜ ਦੇ ਦਰਸ਼ਨ ਕਰਾਂ। ਉਸ ਤੋਂ ਥੋੜ੍ਹੇ ਚਿਰ ਬਾਅਦ ਹੀ ਉਨ੍ਹਾਂ ਨੂੰ ਨਾਹਨ ਤੋਂ ਟੈਲੀਫ਼ੋਨ ਆਇਆ ਕਿ ਨਾਹਨ ਸੰਤ ਤੇਜਾ ਸਿੰਘ ਜੀ ਮਹਾਰਾਜ ਦੇ ਚਲਾਣੇ ਦੀ ਤਾਰ ਆਈ ਹੈ। ਉਨ੍ਹਾਂ ਲਈ ਸਾਰੀ ਦੁਨੀਆਂ ਉਸ ਵਕਤ ਫ਼ਨਾਹ ਹੋ ਗਈ ਅਤੇ ਸੰਤ ਹੀ ਹਿਰਦੇ ਵਿੱਚ ਵੱਸ ਗਏ। ਉਹ ਵਾਹੋ-ਦਾਹੀ ਉੱਥੋਂ ਰਾਤੋ-ਰਾਤ ਟਰੱਕ ਵਗੈਰਾ ਰਾਹੀਂ ਚੀਮੇਂ ਪਹੁੰਚ ਗਏ। ਸਵੇਰੇ ਸੰਤ ਜੀ ਮਹਾਰਾਜ ਦੇ ਸਰੀਰ ਨੂੰ ਜਦੋਂ ਪ੍ਰੇਮੀ, ਪ੍ਰੇਮ ਨਾਲ ਇਸ਼ਨਾਨ ਕਰਵਾ ਰਹੇ ਸਨ ਤਾਂ ਬਾਬਾ ਇਕਬਾਲ ਸਿੰਘ ਜੀ ਦੇ ਹਿਰਦੇ ਵਿੱਚ ਵੀ ਤੀਬਰ ਖਿੱਚ ਪਈ ਕਿ ਮੈਂ ਵੀ ਸੰਤਾਂ ਨੂੰ ਇਸ਼ਨਾਨ ਕਰਵਾਵਾਂ। ਅਜੇ ਉਹ ਪਾਣੀ ਪਾ ਕੇ ਚਰਨ ਧੋਣ ਹੀ ਲੱਗੇ ਸਨ। ਉਨ੍ਹਾਂ ਦੇ ਹਿਰਦੇ ਵਿੱਚ ਐਸੀ ਇਲਾਹੀ ਝਰਨਾਟ ਛਿੜੀ ਕਿ ਸੰਤਾਂ ਦੇ ਸਰੀਰ ਨੂੰ ਵੇਖ ਉਹ ਉਨ੍ਹਾਂ ਦੇ ਵਿਛੋੜੇ ਨੂੰ ਸਹਿ ਨਾ ਸਕੇ ਤੇ ਪਰ੍ਹਾਂ ਜਾ ਕੇ ਕੰਧ ਨਾਲ ਪਿੱਠ ਜੋੜ ਕੇ ਸੰਤ ਜੀ ਦੇ ਵਿਛੋੜੇ ਦੀ ਯਾਦ ਵਿੱਚ ਡੂੰਘੇ ਵੈਰਾਗ ਵਿੱਚ ਬੈਠ ਗਏ। ਅਚਨਚੇਤ ਸਾਹਮਣੇ ਕੀ ਦੇਖਦੇ ਹਨ ਕਿ ਸੰਤ ਜੀ ਮਹਾਰਾਜ ਨੇ ਸਾਖਸ਼ਾਤ ਦਰਸ਼ਨ ਦਿੱਤੇ ਤੇ ਘੂਰ ਕੇ ਤਾੜਨਾ ਕੀਤੀ, "ਪ੍ਰੇਮੀਆ! ਅੱਜ ਤੂੰ ਸਰੀਰ ਦੇ ਮੋਹ ਵਿੱਚ ਆ ਕੇ ਸਾਨੂੰ ਸਰੀਰ ਦਾ ਖਲੜਾ ਹੀ ਸਮਝਦਾ ਹੈਂ। ਅਸੀਂ ਤਾਂ ਸ਼ਬਦ ਰੂਪ ਹਾਂ।" ਤਾਂ ਬਾਬਾ ਇਕਬਾਲ ਸਿੰਘ ਜੀ ਦੇ ਹਿਰਦੇ ਵਿੱਚ ਪੂਰਨ ਵਿਸ਼ਵਾਸ ਅਥਵਾ ਗਿਆਨ ਹੋ ਗਿਆ ਕਿ ਸੰਤ ਸਰਬ ਵਿਆਪੀ ਸ਼ਬਦ ਰੂਪ ਹੁੰਦੇ ਹਨ। ਸਰੀਰ ਨਹੀਂ ਹੁੰਦੇ।



