ਪਠਾਣਾਂ ਦੀ ਬਾਰਸ਼ ਲਈ ਬੇਨਤੀ
ਪਿਸ਼ਾਵਰ ਦੇ ਇਲਾਕੇ ਵਿੱਚ ਮੀਂਹ ਨਾ ਪੈਣ ਕਰਕੇ ਸੋਕਾ ਅਤੇ ਕਾਲ ਪੈ ਗਿਆ। ਕੁਝ ਪਠਾਣਾਂ ਨੇ ਸੰਤ ਜੀ ਨੂੰ ਟਾਂਗੇ ਵਿੱਚ ਜਾਂਦਿਆਂ ਵੇਖਿਆ ਤਾਂ ਉਨ੍ਹਾਂ ਦੇ ਚਿਹਰੇ ਦਾ ਨੂਰ ਦੇਖ ਕੇ ਮੋਹੇ ਗਏ ਅਤੇ ਘੋੜੇ ਦੀਆਂ ਲਗਾਮਾਂ ਫੜ, ਨਿਮਾਣੇ ਹੋ ਕੇ ਬੇਨਤੀ ਕੀਤੀ, "ਵਾਸਤੇ ਖ਼ੁਦਾ ਦੇ, ਮੀਂਹ ਬਖਸ਼ੋ।" ਸੰਤ ਜੀ ਮਹਾਰਾਜ ਨੇ ਕਿਹਾ, "ਮੀਂਹ ਤਾਂ ਰੱਬ ਦੇ ਵੱਸ ਹੈ, ਅਸੀਂ ਤਾਂ ਉਸ ਦੇ ਬੰਦੇ ਹਾਂ।" ਪਠਾਣਾਂ ਨੇ ਬੜੇ ਸਤਿਕਾਰ ਨਾਲ ਸਿਜਦਾ ਕਰਦੇ ਹੋਏ ਅਰਜ਼ ਕੀਤੀ, "ਤੂੰ ਖ਼ੁਦ ਅੱਲਾ-ਤਾਲਾ ਦਾ ਨੂਰ ਦਿੱਸ ਰਿਹਾ ਹੈਂ, ਤੇਰੇ ਅਤੇ ਰੱਬ ਵਿੱਚ ਕੋਈ ਭੇਦ ਨਹੀਂ। ਅਸੀਂ ਬੜੇ ਦੁਖੀ ਹਾਂ। ਸਾਡੇ ਤੇ ਜ਼ਰੂਰ ਕਿਰਪਾ ਕਰੋ। ਜਲ ਦੇ ਤ੍ਰਾਸ ਨਾਲ ਫ਼ਸਲਾਂ ਅਤੇ ਪਸ਼ੂ-ਪੰਛੀ ਮਰ ਰਹੇ ਹਨ।" ਬੇਨਤੀ ਸੁਣ, ਸੰਤ ਜੀ ਇਨ੍ਹਾਂ ਪਾਸ ਠਹਿਰੇ। ਸ਼ਬਦ- ਕੀਰਤਨ ਹੋਇਆ ਅਤੇ ਸੰਤਾਂ ਨੇ ਇਲਾਹੀ ਰੰਗ ਵਿੱਚ:
ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ॥ ਤਾਂ ਦਰਿ ਸੁਣੀ ਪੁਕਾਰ ॥
ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ॥ (੧੨੮੫)
ਸ਼ਬਦ ਪੜ੍ਹਿਆ। ਫਿਰ ਰਹਿਰਾਸ ਦਾ ਪਾਠ ਹੋਇਆ ਅਤੇ ਅਰਦਾਸ ਦੇ ਹੁੰਦਿਆਂ ਹੀ ਦੋ ਘੰਟੇ ਬੜੇ ਜ਼ੋਰ ਦੀ ਬਾਰਸ਼ ਹੋਈ। ਸਾਰੇ ਪਠਾਣ ਚਰਨੀਂ ਲੱਗੇ ਤੇ ਕਿਹਾ, "ਤੂੰ ਸਾਂਈਂ ਦਾ ਕਾਮਲ ਫ਼ਕੀਰ ਹੈਂ, ਤੇਰੇ ਦੀਦਾਰ ਨੇ ਸਾਨੂੰ ਤਾਰ ਦਿੱਤਾ ਹੈ।"
--- Send in a voice message: https://anchor.fm/sant-attar-singh-ji/message


